लाइव कैलेंडर

October 2026
M T W T F S S
 1234
567891011
12131415161718
19202122232425
262728293031  

LIVE FM सुनें

India News24x7 Live

Online Latest Breaking News

ਜੰਗ ਬਹਾਦਰ ਗੋਇਲ ਵੱਲੋਂ ਅਨੁਵਾਦਿਤ ਕਹਾਣੀ ਸੰਗ੍ਰਿਹ ‘ਮੋਪਾਸਾਂ ਤੋਂ ਮੁਨਰੋ ਤੱਕ’ ਰਿਲੀਜ਼…..

ਸਾਹਿਤਕ ਖੇਤਰ ‘ਚ ਅਨੁਵਾਦ ਦੀ ਭੂਮਿਕਾ ਵਿਸ਼ੇ ’ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਹਿਤ ਦੀ ਇਸ ਵਿਧਾ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ I ਕੌਮਾਂਤਰੀ ਅਨੁਵਾਦ ਦਿਵਸ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਅਤੇ ਅਨੁਵਾਦਕ ਜੰਗ ਬਹਾਦਰ ਗੋਇਲ ਨੇ ਕੀਤੀ ਜਿਨ੍ਹਾਂ ਨੇ ਸੰਸਾਰ ਭਰ ਦੇ ਮਿਆਰੀ ਸਾਹਿਤ ਨੂੰ ਆਪਣੀ ਵਿਲੱਖਣ ਵਿਧਾ ਰਾਹੀਂ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ I

ਇਸ ਮੌਕੇ ਉਹਨਾਂ ਵੱਲੋਂ ਅਨੁਵਾਦ ਕੀਤਾ ਗਿਆ ਕਹਾਣੀ ਸੰਗ੍ਰਹਿ ‘ਮੋਪਾਸਾਂ ਤੋਂ ਮੁਨਰੋ ਤੱਕ’ ਵੀ ਲੋਕ-ਅਰਪਣ ਕੀਤਾ ਗਿਆ I ਇਸ ਪੁਸਤਕ ਵਿੱਚ ਵਿਸ਼ਵ ਪ੍ਰਸਿੱਧ 13 ਲੇਖਕਾਂ ਦੀਆਂ 16 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ I ਮੋਪਾਸਾਂ ਅਤੇ ਮੁਨਰੋ ਤੋਂ ਇਲਾਵਾ ਕੇਟ ਸ਼ੋਪੇਨ, ਸਾਮਰਸੇਟ ਮਾਮ, ਇਵਾਨ ਸਾਂਕਰ, ਡੀ.ਐੱਚ ਲਾਰੈਂਸ, ਕੈਥਰੀਨ ਮੈਂਸਫ਼ੀਲਡ, ਮਿਖ਼ਾਇਲ ਨਈਮੀ, ਯਸ਼ਪਾਲ, ਜੌਨ ਹੈਨਰਿਕ ਕਲਾਰਕ, ਹਰਨੈਂਦੋ ਟੈੱਲੇਜ਼, ਗੈਬਰੀਅਲ ਗਾਰਸੀਆ ਮਾਰਖੇਜ਼ ਅਤੇ ਅਮੋਸ ਓਜ਼ ਦੀਆਂ ਉਹ ਕਹਾਣੀਆਂ ਇਸ ਵਿੱਚ ਦਰਜ ਹਨ ਜਿਹੜੀਆਂ ਇਹਨਾਂ ਸਾਰੇ ਪ੍ਰਸਿੱਧ ਲੇਖਕਾਂ ਦੀ 175 ਸਾਲਾਂ ਦੀ ਕਹਾਣੀ-ਵਿਧਾ ਦੀ ਨੁਮਾਇੰਦਗੀ ਕਰਦੀਆਂ ਹਨ I

ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਸਾਹਿਤ ਵਿੱਚ ਕਵਿਤਾ, ਕਹਾਣੀ, ਵਾਰਤਕ, ਨਾਵਲ, ਨਾਟਕ ਵਾਂਗ ਅਨੁਵਾਦ ਵੀ ਓਨਾ ਹੀ ਮਹੱਤਵਪੂਰਣ ਹੈ

ਸੁਆਗਤੀ ਸ਼ਬਦਾਂ ਵਿੱਚ ਸਭਾ ਦੇ ਸਾਬਕਾ ਪ੍ਰਧਾਨ ਅਤੇ ਲੋਕ ਕਲਾਕਾਰ ਬਲਕਾਰ ਸਿੱਧੂ ਨੇ ਕਿਹਾ ਕਿ ਅਨੁਵਾਦ ਇੱਕ ਅਜਿਹਾ ਸਾਹਿਤਕ ਕਾਰਜ ਹੈ ਜਿਹੜਾ ਮੂਲ ਲੇਖਣੀ ਨੂੰ ਦੂਜੀਆਂ ਭਾਸ਼ਾਵਾਂ ਤੱਕ ਅੱਪੜਦਾ ਕਰਨ ਲਈ ਇੱਕ ਪੁਲ ਵਜੋਂ ਕੰਮ ਕਰਦਾ ਹੈ I ਹਿੰਦੀ ਤੋਂ ਪੰਜਾਬੀ ਵਿੱਚ 20 ਕਿਤਾਬਾਂ ਦਾ ਅਨੁਵਾਦ ਕਰ ਚੁੱਕੇ ਭਜਨਬੀਰ ਸਿੰਘ ਨੇ ਕਿਹਾ ਕਿ ਲੇਖਕ ਅਤੇ ਅਨੁਵਾਦਕ ਸਮਾਜ ਨੂੰ ਜੋੜ ਕੇ ਰੱਖਦੇ ਹਨ I ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੀਆਂ ਲਗਭਗ 100 ਕਿਤਾਬਾਂ ਅਨੁਵਾਦ ਕਰ ਚੁੱਕੇ ਉੱਘੇ ਅਨੁਵਾਦਕ ਪਰਵੇਸ਼ ਸ਼ਰਮਾ ਨੇ ਕਿਹਾ ਕਿ ਚੰਗੇ ਅਨੁਵਾਦ ਲਈ ਭਾਸ਼ਾ ਅਤੇ ਸਭਿਆਚਾਰ ਦੀ ਜਾਣਕਾਰੀ ਬੇਹੱਦ ਜ਼ਰੂਰੀ ਹੈ I ਉਹਨਾਂ ਕਿਹਾ ਕਿ ਇੱਕ ਕਿਤਾਬ ਆਪਣਾ ਮੂਲ ਮਿਟਾ ਕੇ ਅਨੁਵਾਦ ਦੇ ਮਾਧਿਅਮ ਨਾਲ਼ ਕਿਵੇਂ ਦੂਜੀ ਭਾਸ਼ਾ ਦਾ ਹਿੱਸਾ ਬਣ ਜਾਂਦੀ ਹੈ ਇਹ ਹੀ ਇਸ ਦੀ ਖ਼ੂਬਸੂਰਤੀ ਹੈ I

ਯਤਿੰਦਰ ਮਾਹਲ ਨੇ ਕਿਹਾ ਕਿ ਅਨੁਵਾਦ ਦਾ ਅਰਥ ਇੱਕ ਗੱਲ ਨੂੰ ਦੁਬਾਰਾ ਕਹਿਣਾ ਹੈ ਜਿਸ ਲਈ ਭਾਸ਼ਾ ਦੀ ਕਲਾ ਲਾਜ਼ਮੀ ਹੈ I ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹੋ ਜਿਹੇ ਸਾਰਥਕ ਉਪਰਾਲੇ ਹੀ ਸਭਾ ਦਾ ਮਿਆਰ ਕਾਇਮ ਰੱਖਦੇ ਹਨ I ਉਹਨਾਂ ਦੱਸਿਆ ਕਿ ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ ਇਸ ਵਾਰ 15 ਨਵੰਬਰ ਨੂੰ ਪੰਜਾਬ ਕਲਾ ਭਵਨ ਵਿਖੇ ਲਾਇਆ ਜਾਵੇਗਾ ਜਿਸ ਵਿੱਚ ਸਾਹਿਤਕ, ਸਭਿਆਚਾਰਕ ਪੇਸ਼ਕਾਰੀਆਂ ਤੋਂ ਇਲਾਵਾ ਸਤਿਕਾਰਿਤ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ I ਪ੍ਰਸਿੱਧ ਅਨੁਵਾਦਕ ਅਤੇ ਚਿੰਤਕ ਦੀਪ ਜਗਦੀਪ ਸਿੰਘ ਨੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਅਨੁਵਾਦ ਬਾਰੇ ਨਿਰੰਤਰ ਸੈਮੀਨਾਰ ਹੁੰਦੇ ਰਹਿਣੇ ਚਾਹੀਦੇ ਹਨ ਕਿਓਂਕਿ ਚੰਗੀ ਲੇਖਣੀ ਨੂੰ ਮੂਲ ਭਾਸ਼ਾ ਤੋਂ ਮੁਕਤ ਕਰਕੇ ਪਾਠਕਾਂ ਦੇ ਵਿਸ਼ਾਲ ਘੇਰੇ ਵਿੱਚ ਇਸ ਦੀ ਪਹੁੰਚ ਹੋ ਜਾਂਦੀ ਹੈ I ਆਪਣੇ ਪ੍ਰਧਾਨਗੀ ਸ਼ਬਦਾਂ ਵਿੱਚ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਜਦੋਂ ਤੁਸੀਂ ਅਨੁਵਾਦ ਕਰਦੇ ਹੋ ਤਾਂ ਵਫ਼ਾਦਾਰੀ ਸ਼ਬਦਾਂ ਨਾਲ਼ ਨਹੀਂ ਅਰਥਾਂ ਨਾਲ਼ ਹੁੰਦੀ ਹੈ I ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਸਾਹਿਤ ਵਿਚ ਅਨੁਵਾਦਕ ਨੂੰ ਬਣਦਾ ਦਰਜਾ ਨਹੀਂ ਮਿਲ ਰਿਹਾ I ਸਭਾ ਵੱਲੋਂ ਧੰਨਵਾਦੀ ਸ਼ਬਦ ਬੋਲਦਿਆਂ ਪ੍ਰਸਿੱਧ ਅਨੁਵਾਦਕ ਅਤੇ ਚਿੰਤਕ ਗੁਰਨਾਮ ਕੰਵਰ ਨੇ ਆਖਿਆ ਕਿ ਕਈ ਅਜਿਹੇ ਅਨੁਵਾਦ ਵੀ ਹੋਏ ਹਨ ਜਿਹੜੇ ਮੂਲ ਰਚਨਾ ਨਾਲੋਂ ਵਧੇਰੇ ਪੜ੍ਹੇ ਗਏ I ਰਸੂਲ ਹਮਜ਼ਾਤੋਵ ਦਾ ‘ਮੇਰਾ ਦਾਗਿਸਤਾਨ’ ਪੰਜਾਬੀ ਪਾਠਕਾਂ ਵਾਸਤੇ ਇਸ ਦੀ ਜਿਉਂਦੀ ਜਾਗਦੀ ਉਦਹਾਰਨ ਹੈ I ਅੱਜ ਦੇ ਇਸ ਸਮਾਗਮ ਵਿੱਚ ਬਹੁਤ ਸਾਰੇ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਖੋਜਾਰਥੀਆਂ ਨੇ ਪੂਰਾ ਸਮਾਂ ਇਸ ਸੰਵਾਦ ਵਿੱਚ ਸ਼ਮੂਲੀਅਤ ਬਣਾਈ ਰੱਖੀ ਉਹਨਾਂ ਵਿੱਚ ਰਾਜਿੰਦਰ ਕੌਰ, ਸੁਖਵਿੰਦਰ ਸਿੱਧੂ, ਮਨਜੀਤ ਕੌਰ ਮੀਤ, ਮਨਮੋਹਨ ਸਿੰਘ ਦਾਊਂ, ਦਿਲਦਾਰ ਸਿੰਘ, ਡਾ. ਅਮੀਰ ਸੁਲਤਾਨਾ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਹਰਭਜਨ ਕੌਰ ਢਿੱਲੋਂ, ਵਰਿੰਦਰ ਚੱਠਾ, ਲਾਭ ਸਿੰਘ ਲਹਿਲੀ, ਅਮਰਾਓ ਸਿੰਘ ਗਿੱਲ, ਅਮਰਜੀਤ ਸਿੰਘ ਪੂਨੀਆ, ਜੈ ਪਾਲ, ਰਵਿੰਦਰ ਕੌਰ ਬਾਵਾ, ਤੇਜਿੰਦਰ ਸਿੰਘ ਬਾਵਾ, ਅਮਰਜੀਤ ਅਰਪਨ, ਸੁਰਿੰਦਰ ਕੁਮਾਰ, ਹਰਮਿੰਦਰ ਕਾਲੜਾ, ਸਰਬਜੀਤ ਸਿੰਘ ਪੱਡਾ, ਕ੍ਰਿਸ਼ਨਾ ਗੋਇਲ, ਡਾ. ਸੁਨੀਤ ਮਦਾਨ, ਸ਼ਮਸ਼ੀਲ ਸਿੰਘ ਸੋਢੀ, ਸੰਚਿਤ ਕੁਮਾਰ ਰਾਜਾ, ਤੇਜਾ ਸਿੰਘ ਥੂਹਾ, ਅਜਾਇਬ ਸਿੰਘ ਔਜਲਾ, ਹਰਬੰਸ ਸੋਢੀ, ਗੁਰਮਾਨ ਸੈਣੀ, ਪ੍ਰਵੀਨ ਖਿੱਪਲ, ਆਰ. ਐੱਸ ਲਿਬਰੇਟ, ਕਮਲ ਦੁਸਾਂਝ, ਹਰਜੀਤ ਸਿੰਘ, ਨਰਿੰਦਰ ਕੌਰ ਲੌਂਗੀਆ, ਨਰਿੰਦਰ ਸਿੰਘ ਦੌੜਕਾ, ਡਾ. ਮਨਜੀਤ ਸਿੰਘ ਬੱਲ, ਹਰਪ੍ਰੀਤ ਸਿੰਘ ਚੰਨੂੰ, ਗੁਰਚਰਨ ਸਿੰਘ, ਮਨਜੀਤ ਪਾਲ ਸਿੰਘ, ਪਰਮਜੀਤ ਮਾਨ, ਸੁਰਿੰਦਰ ਸਿੰਘ ਗਿੱਲ, ਸੁਨੀਲਮ ਮੰਡ, ਮਲਕੀਅਤ ਬਸਰਾ, ਏ. ਐੱਸ ਪਾਲ, ਸੁਰਿੰਦਰ ਬਾਂਸਲ, ਗੁਰਪ੍ਰੀਤ ਖੋਖਰ, ਮੰਦਰ ਗਿੱਲ, ਸੁਰਿੰਦਰ ਸਿੰਘ, ਮਹਿੰਦਰ ਸਿੰਘ ਸੰਧੂ, ਪ੍ਰਭਜੋਤ ਕੌਰ ਢਿੱਲੋਂ, ਸੁਰਿੰਦਰ ਕੌਰ ਬਾੜਾ, ਬਲਦੇਵ ਸਿੰਘ ਬਿੰਦਰਾ ਅਤੇ ਗੁਰਜੰਟ ਸਿੰਘ ਦੇ ਨਾਮ ਵਰਨਣਯੋਗ ਹਨ I