ਪਰਮਜੀਤ ਮਾਨ ਦਾ ਕਹਾਣੀ-ਸੰਗ੍ਰਿਹ ‘ਸਮੁੰਦਰ ਦਾ ਆਦਮੀ’ ਕੀਤਾ ਗਿਆ ਰਿਲੀਜ਼ ….
ਪੰਜਾਬੀ ਗਲਪ ਦੇ ਉੱਘੇ ਲੇਖਕ ਪਰਮਜੀਤ ਮਾਨ ਦਾ ਤਾਜ਼ਾ ਤਰੀਨ ਕਹਾਣੀ ਸੰਗ੍ਰਿਹ ‘ਸਮੁੰਦਰ ਦਾ ਆਦਮੀ’ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਸੈਕਟਰ 38 ਦੇ ਰਾਣੀ ਲਕਸ਼ਮੀ ਬਾਈ ਭਵਨ ਵਿਖੇ ਲੋਕ-ਅਰਪਣ ਕੀਤਾ ਗਿਆ I ਇਸ ਕਹਾਣੀ ਸੰਗ੍ਰਿਹ ਵਿੱਚ ਕੁੱਲ 10 ਕਹਾਣੀਆਂ ਸ਼ਾਮਿਲ ਹਨ ਜਿਹਨਾਂ ਵਿੱਚ ਸਮੁੰਦਰੀ ਜੀਵਨ ਦੀ ਪੇਸ਼ਕਾਰੀ ਹੋਈ ਹੈ I ਲੋਕ ਅਰਪਣ ਸਮੇਂ ਹੋਈ ਇਕੱਤਰਤਾ ਵਿੱਚ ਬੋਲਦਿਆਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਪਰਮਜੀਤ ਮਾਨ ਨੇ ਇਨ੍ਹਾਂ ਕਹਾਣੀਆਂ ਵਿੱਚ ਨਵੀਆਂ ਮਨੋਵਿਗਿਆਨਕ ਪ੍ਰਵਿਰਤੀਆਂ ਨਾਲ਼ ਪੂਰਾ ਇਨਸਾਫ਼ ਕੀਤਾ ਹੈ I ਉਹਨਾਂ ਕਿਹਾ ਕਿ ਇਹ ਕਹਾਣੀਆਂ ਆਪਣੇ ਵਿਚਾਰਧਾਰਕ ਸੁਨੇਹੇ ਪ੍ਰਤੀ ਪੂਰੀ ਤਰਾਂ ਸੁਚੇਤ ਹਨ I
ਲੇਖਕ ਪਰਮਜੀਤ ਮਾਨ ਨੇ ਕਿਹਾ ਕਿ ਸਮੁੰਦਰ ਅੰਦਰਲੀ ਦੁਨੀਆਂ ਨੇ ਹਮੇਸ਼ਾ ਹੀ ਉਹਨਾਂ ਦੇ ਮਨ ਨੂੰ ਅੰਦਰੋਂ ਛੂਹਿਆ ਹੈ ਤਾਂ ਹੀ ਸਾਰੀ ਲੇਖਣੀ ਉਹਨਾਂ ਸਮੁੰਦਰ ਦੀ ਗਹਿਰਾਈ ਨੂੰ ਹੀ ਸਮਰਪਿਤ ਕੀਤੀ ਹੈ I ਉਹਨਾਂ ਕਿਹਾ ਕਿ ਕਹਾਣੀਆਂ ਦੇ ਸਾਰੇ ਪਾਤਰ ਕਾਲਪਨਿਕ ਹੁੰਦਿਆਂ ਹੋਇਆਂ ਵੀ ਯਥਾਰਥ ਦੇ ਨੇੜੇ ਢੁੱਕਦੇ ਹਨ I
ਉੱਘੇ ਸਾਹਿਤਕਾਰ ਜੰਗ ਬਹਾਦਰ ਗੋਇਲ ਨੇ ਆਖਿਆ ਕਿ ਪਰਮਜੀਤ ਮਾਨ ਦੀਆਂ ਕਹਾਣੀਆਂ ਖ਼ੁਦਗਰਜ਼ ਹੋ ਰਹੀ ਮਨੁੱਖੀ ਮਾਨਸਿਕਤਾ ਬਾਰੇ ਗਹਿਰ ਗੰਭੀਰ ਸੰਵਾਦ ਛੇੜਦੀਆਂ ਹਨ I
ਡਾ. ਅਵਤਾਰ ਸਿੰਘ ਪਤੰਗ ਦਾ ਕਹਿਣਾ ਸੀ ਕਿ ਇਹਨਾਂ ਕਹਾਣੀਆਂ ਦੇ ਪਾਤਰ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਦਸ਼ਾਵਾਂ ਕਾਰਨ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ਼ ਨਾ ਜਿਊ ਸਕਣ ਦੀ ਮਜਬੂਰੀ ਵਜੋਂ ਪਰਗਟ ਹੁੰਦੇ ਹਨ I ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਪਰਮਜੀਤ ਮਾਨ ਆਪਣੇ ਇਸ ਕਹਾਣੀ ਸੰਗ੍ਰਿਹ ਨਾਲ਼ ਪੰਜਾਬੀ ਕਹਾਣੀ ਵਿੱਚ ਵਿਲੱਖਣ ਮੁਹਾਂਦਰੇ ਵਜੋਂ ਉਦੇ ਹੋਇਆ ਹੈ ਜੋ ਆਪਣੇ ਅਮੀਰ ਅਨੁਭਵ, ਤੀਖਣ ਨੀਝ ਅਤੇ ਕਲਾਤਮਕ ਸਮਰੱਥਾ ਸਹਿਤ ਪੰਜਾਬੀ ਕਹਾਣੀ ਨੂੰ ਨਵੀਂ ਸੇਧ ਦੇ ਰਿਹਾ ਹੈ I
ਡਾ.ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਇਨ੍ਹਾਂ ਕਹਾਣੀਆਂ ਅਨੁਸਾਰ ਮਾਨਵਤਾ ਦਾ ਪੱਖ ਪੂਰਨ ਸਬੰਧੀ ਮਨੁੱਖ ਅੰਦਰਲੀ ਖਾਹਿਸ਼ ਕਦੇ ਵੀ ਪੂਰੀ ਤਰਾਂ ਖ਼ਤਮ ਨਹੀਂ ਹੁੰਦੀ I ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਮੁੰਦਰੀ ਜੀਵਨ ਦੀ ਨਿਵੇਕਲੀ ਪੇਸ਼ਕਾਰੀ ਕਰਕੇ ਲੇਖਕ ਨੇ ਆਪਣੀ ਉਸ ਬੌਧਿਕ ਪ੍ਰਤਿਭਾ ਨੂੰ ਸਾਡੇ ਸਾਹਮਣੇ ਲਿਆਂਦਾ ਹੈ ਜਿਹੜੀ ਮਿਆਰੀ ਸਾਹਿਤ ਸਿਰਜਣਾ ਵਾਸਤੇ ਇੱਕ ਮੀਲ ਪੱਥਰ ਸਾਬਿਤ ਹੁੰਦੀ ਹੈ I
ਕਾਬਿਲੇ ਗ਼ੌਰ ਹੈ ਕਿ ਪਰਮਜੀਤ ਮਾਨ ਦੀ ਵਾਰਤਕ ਪੁਸਤਕ ‘ਸਮੁੰਦਰ ਨਾਮਾ’ ਨੂੰ ਪੰਜਾਬੀ ਸਾਹਿਤ ਜਗਤ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਾਵਿ ਸੰਗ੍ਰਿਹ,ਕਹਾਣੀ ਸੰਗ੍ਰਿਹ, ਅਨੁਵਾਦ ਅਤੇ ਸਫ਼ਰਨਾਮੇ ਰਾਹੀਂ ਆਪਣੀ ਥਾਂ ਪੱਕੀ ਕੀਤੀ ਹੈ ਅਤੇ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਪਾਠਕਾਂ ਅਤੇ ਸਮਾਲੋਚਕਾਂ ਦਾ ਧਿਆਨ ਖਿੱਚਿਆ ਹੈ I


